ਮਾਤਾ ਕੌਲਾਂ ਜੀ ਭਲਾਈ ਕੇਂਦਰ ਬੇਵਾ ਔਰਤਾਂ

“ਗਰੀਬ ਦਾ ਮੂੰਹ ਗੁਰੂ ਦੀ ਗੋਲਕ”

ਬਚਨ ਅਨੁਸਾਰ ਬੇ-ਸਹਾਰਾ ਵਿਧਵਾ ਬੀਬੀਆਂ ਦੇ ਪਰਿਵਾਰ ਦੀ ਲੋੜੀਂਦੇ ਰਾਸ਼ਨ ਦੁਆਰਾ ਮਦਦ ਕਰਨ ਲਈ ਮਾਤਾ ਕੌਲਾਂ ਜੀ ਭਲਾਈ ਕੇਂਦਰ (ਬੇਵਾ ਔਰਤਾਂ), ਗਿਲਵਾਲੀ ਗੇਟ ਸ੍ਰੀ ਅੰਮ੍ਰਿਤਸਰ ਵਿਖੇ 31 ਜੁਲਾਈ 1993 ਨੂੰ ਆਰੰਭ ਕੀਤਾ ਗਿਆ। ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ ਸਤਿਪੁਰਸ਼ਾਂ ਨੇ ਆਪ ਅਸੀਸ ਬਖਸ਼ੀ ਅਤੇ ਭਾਈ ਸਾਹਿਬ ਜੀ ਦੇ ਉੱਦਮ ਸਦਕਾ ਇਸ ਭਲਈ ਕੇਂਦਰ ਵਿਖੇ ਜਿੱਥੇ 25 ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਸ਼ਰੂਆਤ ਹੋਈ ਉੱਥੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ 200, 400, 600, 800 ਪਰਿਵਾਰ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ 1300 ਵਿਧਵਾ ਬੀਬੀਆਂ ਦੇ ਪਰਿਵਾਰ ਹਰ ਮਹੀਨੇ ਮੁਫਤ ਰਾਸ਼ਨ ਪ੍ਰਾਪਤ ਕਰਦੇ ਹਨ। ਇਹ ਸਾਰੇ ਪਰਿਵਾਰ ਰਹਿੰਦੇ ਆਪਣੇ ਘਰਾਂ ਵਿੱਚ ਹੀ ਹਨ। ਰਾਸ਼ਨ ਤੋਂ ਇਲਾਵਾ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਇਨ੍ਹਾਂ ਬੇਵਾ ਔਰਤਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਕਾਪੀਆਂ-ਕਿਤਾਬਾਂ ਦੀ ਸਹਾਇਤਾ, ਬੀਬੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਮੇਂ-ਸਮੇਂ ਅਨੁਸਾਰ ਘਰੇਲੂ ਵਸਤੂਆਂ ਦੀ ਮਦਦ ਵੀ ਦਿੱਤੀ ਜਾਂਦੀ ਹੈ ਜੋ ਕਿ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਹੀ ਹੈ।

ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਨਵੰਬਰ 1994 ਨੂੰ ਇਸ ਕੇਂਦਰ ਦੀ ਇੱਕ ਹੋਰ ਬ੍ਰਾਂਚ ਬੀਬੀ ਭਾਨੀ ਜੀ ਭਲਾਈ ਕੇਂਦਰ (ਬੇਵਾ ਔਰਤਾਂ) ਦੇ ਰੂਪ ਵਿੱਚ ਹਰਨਾਮ ਨਗਰ, ਮਾਡਲ ਟਾਊਨ ਲੁਧਿਆਣਾ ਵਿਖੇ ਖੋਲੀ। ਜਿਸ ਦੀ ਸੇਵਾ ਭਾਈ ਹਰਭਜਨ ਸਿੰਘ ਜੀ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਨਿਭਾ ਰਹੇ ਹਨ ਅਤੇ ਹੁਣ ਲੁਧਿਆਣੇ ਤੋਂ ਬਾਅਦ ਸ੍ਰੀ ਤਰਨ ਤਾਰਨ ਸਾਹਿਬ, ਜੰਡਿਆਲਾ ਗੁਰੂ, ਮੇਰਠ, ਅਹਿਮਦਾਬਾਦ, ਨਾਸਿਕ, ਫਰੀਦਾਬਾਦ, ਸੂਰਤ, ਚੰਡੀਗੜ੍ਹ, ਜਲੰਧਰ, ਪਟਿਆਲਾ, ਗਵਾਲੀਅਰ, ਹੁਸਿਆਰਪੁਰ, ਤਿਲਕ ਨਗਰ ਦਿੱਲੀ, ਯਮਨਾਂ ਪਾਰ ਦਿੱਲੀ, ਨਤੰਨਵੇਂ ਆਦਿ ਕੁੱਲ 19 ਸ਼ਹਿਰਾਂ ਵਿੱਚ ਵਿਧਵਾ ਬੀਬੀਆਂ ਦੇ ਭਲਾਈ ਕੇਂਦਰ ਚੱਲ ਰਹੇ ਹਨ।

ਇਨ੍ਹਾਂ ਕੇਂਦਰਾਂ ਵਿੱਚ ਕਿਸੇ ਨਾਲ ਕੋਈ ਜਾਤ-ਪਾਤ ਜਾਂ ਊਚ-ਨੀਚ ਦਾ ਵਿਤਕਰਾ ਨਹੀਂ ਕੀਤਾ ਜਾਂਦਾ। “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਮਹਾਂਵਾਕ ਅਨੁਸਾਰ ਹਰ ਧਰਮ, ਹਰ ਜਾਤੀ, ਹਰ ਵਰਗ ਇੱਥੋਂ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ। ਜਿਵੇਂ ਮੇਰਠ, ਨਤੰਨਵੇਂ ਆਦਿ ਸ਼ਹਿਰਾਂ ਵਿੱਚ ਮੁਸਲਮਾਨ ਭਾਈਚਾਰੇ ਦੀਆਂ ਬੀਬੀਆਂ ਬੁਰਕਾ ਪਾ ਕੇ ਰਾਸ਼ਨ ਲੈਣ ਆਉਦੀਆਂ ਹਨ, ਇਸੇ ਤਰ੍ਹਾਂ ਅਹਿਮਦਾਬਾਦ ਵਿੱਚ ਗੁਜਰਾਤੀ ਬੀਬੀਆਂ ਸਾੜੀ ਪਹਿਨ ਕੇ ਆਪਣੇ ਪਹਿਰਾਵੇ ਵਿੱਚ ਰਾਸ਼ਨ ਪ੍ਰਾਪਤ ਕਰਨ ਵਾਸਤੇ ਆਉਂਦੀਆਂ ਹਨ। ਕੋਈ ਸਿਫਾਰਸ਼ੀ ਕੇਸ ਨਹੀਂ ਲਗਾਏ ਜਾਂਦੇ। ਬਕਾਇਦਾ ਸਹਾਇਤਾ ਫਾਰਮ ਭਰੇ ਜਾਂਦੇ ਹਨ। ਇਸ ਫਾਰਮ ਦੀ ਪ੍ਰਾਪਤੀ ਤੋਂ ਬਾਅਦ ਸਭਾ ਵੱਲੋਂ ਕੋਈ ਸੇਵਾਦਾਰ ਪੜਤਾਲ (ENQUIRY) ਕਰਨ ਜਾਂਦਾ ਹੈ। ਪੂਰੀ ਪੜਤਾਲ (ਜਿਵੇਂ ਕਿ ਬੱਚੇ ਬਹੁਤ ਛੋਟੇ ਹਨ ਅਤੇ ਕੋਈ ਆਰਥਿਕ ਸਹਾਇਤਾ ਨਹੀਂ ਹੈ ਇਤਿਆਦਿਕ) ਹੋਣ ਤੋਂ ਬਾਅਦ ਉਸ ਲੋੜ੍ਹਵੰਦ ਬੀਬੀ ਦਾ ਰਾਸ਼ਨ ਲਗਾਇਆ ਜਾਂਦਾ ਹੈ।

Application Form Card Card Rules Enquiry Form