BIOGRAPHY 

ੴ ਸਤਿਗੁਰ ਪ੍ਰਸਾਦਿ


ਆਪ ਲੀਏ ਲੜਿ ਲਾਇ ਦਰਿ ਦਰਵੇਸ਼ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲ ਸੇ ॥


ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 22 ਅਪ੍ਰੈਲ 1959 ਈਸਵੀ ਨੂੰ ਸ੍ਰ. ਪਿਸ਼ੌਰਾ ਸਿੰਘ ਜੀ ਅਤੇ ਮਾਤਾ ਅਤਰ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸਾਹਿਬ ਜੀ ਦੇ ਮਾਤਾ-ਪਿਤਾ ਜੀ ਗੁਰਬਾਣੀ ਨਾਲ ਅਤੇ ਗੁਰੂ ਘਰ ਨਾਲ ਅਥਾਹ ਪ੍ਰੇਮ ਕਰਨ ਵਾਲੇ ਸਨ। ਭਾਈ ਸਾਹਿਬ ਆਪਣੇ ਮਾਤਾ-ਪਿਤਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ। ਇਨ੍ਹਾਂ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਮਾਤਾ-ਪਿਤਾ ਜੀ ਵੱਲੋਂ ਘਰ ਵਿੱਚ ਗੁਰਮੁੱਖੀ ਵਾਲਾ ਮਹੌਲ ਰੱਖਣ ਕਰਕੇ ਹੀ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੀ ਸੰਗਤ ਪ੍ਰਾਪਤ ਹੋਈ। ਗੁਰੂ ਸਾਹਿਬ ਜੀ, ਭਾਈ ਸਾਹਿਬ ਜੀ ਦੇ ਮਾਤਾ ਜੀ ਕੋਲੋਂ ਤਕਰੀਬਨ ਅੱਧੀ ਰਾਤ ਨੂੰ ਬੋਰੀ ਤੇ ਬੈਠ ਕੇ ਸਿਮਰਨ ਦੀ ਸੇਵਾ ਲੈਂਦੇ ਸਨ। ਤਕਰੀਬਨ ਸਾਰਾ ਦਿਨ ਹੱਥ ਵਿੱਚ ਗੁਟਕਾ ਸਾਹਿਬ ਰਹਿੰਦਾ ਸੀ। ਉਨ੍ਹਾਂ ਦੀ ਅਸੀਸ ਨੇ ਇਹ ਧਾਰਮਿਕ ਕੰਮਾਂ ਦੀ ਅਸੀਸ ਬਖਸ਼ੀ ਤੇ ਇਹ ਗੁਰੂ ਘਰ ਦੀ ਮਿਹਰ ਦੀ ਨਿਸ਼ਾਨੀ ਹੈ ਕਿ ਭਾਈ ਸਾਹਿਬ ਜੀ ਦੀਆਂ ਦੋਵੇਂ ਭੈਣਾਂ ਵੀ ਨਿਸ਼ਕਾਮ ਕੀਰਤਨ ਕਰਦੀਆਂ ਹਨ। ਭਾਈ ਸਾਹਿਬ ਜੀ ਆਪ ਹੱਥੀਂ ਕਿਰਤ ਕਰਕੇ ਆਪਣੇ ਗ੍ਰਹਿਸਥੀ ਨੂੰ ਅੱਜ ਤੱਕ ਨਿਭਾ ਰਹੇ ਹਨ। ਭਾਈ ਸਾਹਿਬ ਜੀ ਦੀਆਂ 2 ਬੱਚੀਆਂ ਅਤੇ ਇੱਕ ਬੇਟਾ ਹੈ।

ਸੰਨ 1983 ਵਿੱਚ ਤਕਰੀਬਨ 9 ਕੁ ਮੈਂਬਰਾਂ ਨਾਲ ਭਾਈ ਸਾਹਿਬ ਜੀ ਸ਼ਬਦ ਕੀਰਤਨ ਦੀ ਸੇਵਾ ਘਰ-ਘਰ ਵਿੱਚ ਜਾ ਕੇ ਕਰਿਆ ਕਰਦੇ ਸਨ। ਭਾਈ ਸਾਹਿਬ ਜੀ ਦਾ ਸੁਭਾਅ ਮਿੱਠਾ, ਪਿਆਰ ਵਾਲਾ ਅਤੇ ਦਯਾ ਵਾਲਾ ਹੋਣ ਕਰਕੇ ਸੰਗਤ ਦਾ ਪਿਆਰ ਵਧਦਾ ਗਿਆ। ਭਾਈ ਸਾਹਿਬ ਜੀ ਨੂੰ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਪੂਰਨ ਮਹਾਂਪੁਰਸ਼ਾਂ ਵੱਲੋਂ ਇਹ ਹੁਕਮ ਸੀ ਕਿ ਗੁਰੂ ਘਰ ਦੀ ਹਰ ਸੇਵਾ ਨਿਸ਼ਕਾਮ ਰੂਪ ਵਿੱਚ ਕੀਤੀ ਜਾਵੇ, ਸੋ ਭਾਈ ਸਾਹਿਬ ਜੀ ਨੂੰ ਮਹਾਂਪੁਰਸ਼ਾਂ ਵੱਲੋਂ ਮਿਲੀਆਂ ਅਸੀਸਾਂ ਦਾ ਸਦਕਾ 

ਘਰਿ-ਘਰਿ ਅੰਦਰਿ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ॥


ਦੇ ਮਹਾਂਵਾਕਾਂ ਅਨੁਸਾਰ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਅਗਾਂਹ ਵਧਾਇਆ ਅਤੇ ਸੰਗਤ ਦੇ ਪਿਆਰ ਸਦਕਾ ਆ ਰਹੀ ਮਾਇਆ ਰੂਪੀ ਸੇਵਾ ਨੂੰ ਸਮਾਜਿਕ ਕਾਰਜਾਂ, ਭਲਾਈ ਕਾਰਜਾਂ ਅਤੇ ਧਾਰਮਿਕ ਕਾਰਜਾਂ ਲਈ ਵਰਤਣਾ ਸ਼ੁਰੂ ਕੀਤਾ।

ਭਾਈ ਸਾਹਿਬ ਜੀ ਦੇ ਇਸ ਉੱਦਮ ਦਾ ਸਦਕਾ ਗੁਰੂ ਘਰ ਦੇ ਕਈ ਗੁ: ਸਾਹਿਬ ਜੀ ਦੀ ਸੇਵਾ, ਹਸਪਤਾਲਾਂ ਦੀ ਸੇਵਾ, ਸਕੂਲਾਂ ਦੀ ਸੇਵਾ ਆਦਿ ਹੋ ਚੁੱਕੀਆਂ ਹਨ ਅਤੇ ਹੋਰ ਚੱਲ ਰਹੀਆਂ ਹਨ। ਚਲਦੀਆਂ ਸੇਵਾਵਾਂ ਵਾਸਤੇ ਭਾਈ ਸਾਹਿਬ ਜੀ ਨੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਨਾਮ ਦਾ ਇੱਕ ਟ੍ਰਸਟ ਬਣਾਇਆ, ਜਿਸ ਵਿੱਚ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ,(ਸਮਾਜਿਕ ਸੇਵਾਵਾਂ) ਫ੍ਰੀ ਕੰਪਿਊਟਰ, ਫ੍ਰੀ ਸਿਲਾਈ-ਕਢਾਈ, ਗਰੀਬ ਲੋੜਵੰਦ ਮਰੀਜ਼ਾਂ ਲਈ ਹਸਪਤਾਲ ਖੋਲ੍ਹਣਾ, ਬਾਹਰੋਂ ਆਈਆਂ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਨਗਰੀ ਵਿੱਖੇ ਠਹਿਰਣ ਵਾਸਤੇ ਸਰਾਵਾਂ ਬਣਾਈਆਂ ਗਈਆਂ ਅਤੇ ਹੋਰ ਕਈ ਸੇਵਾਵਾਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਲੈ ਰਹੇ ਹਨ। ਭਾਈ ਸਾਹਿਬ ਜੀ ਦੀ ਹਮੇਸ਼ਾਂ ਇਹ ਚਾਹਤ ਰਹਿੰਦੀ ਹੈ ਕਿ ਉਨ੍ਹਾਂ ਦੀ ਬਾਕੀ ਜਿੰਦਗੀ ਵੀ ਸੇਵਾ ਵਿੱਚ ਹੀ ਬੀਤੇ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨ-ਦੁਨੀਆਂ ਦੀ ਇਹ ਸੇਵਾ ਨਿਸ਼ਕਾਮ ਰੂਪ ਵਿੱਚ ਲੈਂਦੇ ਰਹਿਣ ਅਤੇ ਸਵਾਸ-ਸਵਾਸ ਪ੍ਰਭੂ ਨਾਮ ਦੀ ਧੁਨੀ ਨਸੀਬ ਹੋਵੇ।


ਹਰ ਪਲ ਹਰ ਘੜੀ ਭਾਈ ਸਾਹਿਬ ਜੀ ਇਹੀ ਸ਼ੁਕਰਾਨਾਂ ਕਰਦੇ ਹਨ ਕਿ:-

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ ॥